Rashpinder Kaur Gill

“ਮਸਤਾਨੇ ਫ਼ਿਲਮ ਬਾਲੀਵੁੱਡ ਦੀਆਂ ਫ਼ਿਲਮਾਂ ਉੱਪਰ ਇੱਕ ਕਰਾਰੀ ਚਪੇੜ ਹੈ” - ਰਸ਼ਪਿੰਦਰ ਕੌਰ ਗਿੱਲ

ਮਸਤਾਨੇ ਫ਼ਿਲਮ ਬਹੁਤ ਵਧੀਆ ਫਿਲਮ ਬਣੀ ਹੈ, ਸਭ ਕਲਾਕਾਰਾਂ ਨੇ ਆਪਣੇ ਕਿਰਦਾਰ ਖੂਬ ਨਿਭਾਏ, ਪੰਜਾਬੀ ਇੰਡਸਟਰੀ ਦੀ ਇਸ ਫ਼ਿਲਮ ਨੇ ਬਾਲੀਵੁੱਡ ਦੀਆਂ ਫਿਲਮਾਂ ਤੇ ਜੋ ਕਰਾਰੀ ਚਪੇੜ ਮਾਰੀ ਉਹ ਕਾਬਿਲੇ ਤਾਰੀਫ ਹੈ, ਕਿਉਂਕਿ ਬਾਲੀਵੁੱਡ ਨੇ ਲੱਚਰਪੁਣਾ, ਨੰਗੇਜ, ਸੱਭਿਆਚਾਰ ਤੋਂ ਹੱਟਵੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਤਰਸੇਮ ਜੱਸੜ ਨੇ ਧਰਮ ਅਤੇ ਸਮਾਜ ਦੇ ਸਿਧਾਂਤਾ ਨੂੰ ਮੁੱਖ ਰੱਖ ਕੇ ਫਿਲਮ ਬਣਾਈ ਹੈ। ਸਮਾਜ ਨੂੰ ਇੱਕ ਬਹੁਤ ਵਧੀਆ ਸੁਨੇਹਾ ਦਿੱਤਾ ਹੈ। ਪੰਜਾਬੀ ਇੰਡਸਟਰੀ ਨੂੰ ਮਸਤਾਨੇ ਵਰਗੀਆਂ ਫਿਲਮਾਂ ਦਾ ਹੋਰ ਨਿਰਦੇਸ਼ਨ ਕਰਣਾ ਚਾਹੀਦਾ ਹੈ। ਫ਼ਿਲਮ ਵਿੱਚ ਜਦੋਂ ਅਰਦਾਸ ਵਾਲਾ ਸੀਨ ਆਇਆ ਤਾਂ ਸਾਰੇ ਦਰਸ਼ਕ ਸਿਰ ਢੱਕ ਕੇ ਖੜੇ ਹੋ ਗਏ। ਸਾਰਾ ਸਿਨੇਮਾ ਹਾਲ ਪੂਰਾ ਭਰਿਆ ਪਿਆ ਸੀ। ਪੂਰਾ ਪਰਿਵਾਰ ਬੈਠ ਕੇ ਫਿਲਮ ਦਾ ਅਨੰਦ ਮਾਣ ਰਿਹਾ ਸੀ। ਅਗਲੀ ਪੀੜੀ ਨੂੰ ਸੇਧ ਦੇਣ ਵਾਲੀ ਫਿਲਮ ਹੈ। ਤਰਸੇਮ ਜੱਸੜ ਦੀ ਇਹ ਕੋਸ਼ਿਸ਼ ਪੂਰੀ ਤਰਾਂ ਰੰਗ ਲੈਕੇ ਆਈ ਹੈ ਇਹ ਕਹਿਣਾ ਬਿਲਕੁਲ ਗਲਤ ਨਹੀਂ ਹੋਵੇਗਾ।
ਸਿੱਖੀ ਸਰੂਪ, ਸਿੱਖੀ ਬਾਣੇ ਅਤੇ ਅਰਦਾਸ ਦੀ ਜੋ ਰੁਹਾਣੀ ਸ਼ਕਤੀ ਜੋ ਇਸ ਫ਼ਿਲਮ ਵਿੱਚ ਦਰਸਾਈ ਗਈ ਹੈ ਉਸ ਤੋਂ ਸੇਧ ਲੈਣ ਦੀ ਲੋੜ ਹੈ। ਗੁਰੂ ਮਹਾਰਾਜ ਵੱਲੋਂ ਸਿੰਘ ਸਾਜਣਾ ਕੋਈ ਕਰਾਮਾਤ ਨਾਲੋਂ ਘੱਟ ਨਹੀਂ ਸੀ। ਇਸ ਫ਼ਿਲਮ ਰਾਹੀਂ ਇਹ ਸਪੱਸ਼ਟ ਤੌਰ ਤੇ ਸਮਝਾਇਆ ਗਿਆ ਹੈ ਕਿ ਗੁਰੂ ਮਹਾਰਾਜ ਦੀ ਦਿੱਤੀ ਦੇਣ ਬਾਣੀ ਅਤੇ ਬਾਣਾ ਵਿੱਚ ਉਸ ਅਕਾਲ ਪੁਰਖ ਦੀ ਸ਼ਕਤੀ ਹੈ ਅਤੇ ਇਸ ਦੇ ਧਾਰਨੀ ਹੁੰਦਿਆਂ ਹੀ ਰੂਹਾਨੀ ਸ਼ਕਤੀ ਹਾਂਸਿਲ ਹੁੰਦੀ ਹੈ। ਗੁਰੂ ਮਹਾਰਾਜ ਦੇ ਜੋ ਬਚਨ ਸੀ:-
ਚਿੜੀਆਂ ਤੋਂ ਮੈਂ ਬਾਜ਼ ਤੜਾਉ,
ਗਿੱਦੜਾਂ ਤੋਂ ਮੈਂ ਸ਼ੇਰ ਬਣਾਉ
ਸਵਾ ਲੱਖ ਸੇ ਏਕ ਲੜਾਉ,
ਤਬੈ ਗੁਰ ਗੋਬਿੰਦ ਸਿੰਘ ਨਾਮ ਕਹਾਉਂ
ਗੁਰੂ ਪਿਤਾ ਜੀ ਦੇ ਬਚਨ ਸੱਚ ਹੁੰਦੇ ਹਨ ਜਸੋਂ ਅਸੀ ਸਿੱਖੀ ਦੇ ਸਿਧਾਂਤਾ ਉੱਪਰ ਤੁਰਦੇ ਹਨ। ਇਸ ਫ਼ਿਲਮ ਵਿੱਚ ਇਹ ਹੀ ਸਮਝਾਇਆ ਗਿਆ ਹੈ ਕਿ ਸਿੱਖਾਂ ਦੀ ਨਕਲ ਕਰਦੇ ਹੋਏ ਮਸਤਾਨੇ ਕਿਸ ਕਦਰ ਉਸ ਰੂਹਾਨੀ ਸ਼ਕਤੀ ਨੂੰ ਹਾਂਸਿਲ ਕਰਦੇ ਹਨ ਕਿ ਯੋਧਿਆ ਵਾਂਗ ਲੜਦੇ ਹਨ ਅਤੇ ਮੌਤ ਆਉਣ ਤੇ ਵੀ ਖੁਦ ਨੂੰ ਸਿੰਘ ਸਮਝਦੇ ਹਨ ਅਤੇ ਬੇਖੌਫ ਮੌਤ ਦੀ ਆਗੋਸ਼ ਵਿੱਚ ਚਲੇ ਜਾਂਦੇ ਹਨ।
ਪਰ ਫ਼ਿਲਮ ਦੇਖਦੇ ਸਮੇਂ ਮੈਨੂੰ ਇਹ ਵੀ ਮਹਿਸੂਸ ਹੋਇਆ ਕਿ ਅੱਜ ਦਾ ਸਮਾਜ ਸਿੱਖੀ ਸਰੂਪ ਧਾਰ ਕੇ ਕੋਝੇ ਕੰਮ ਕਰਣ ਤੋਂ ਵੀ ਸ਼ਰਮ ਮਹਿਸੂਸ ਨਹੀਂ ਕਰਦਾ। ਜਿੱਥੇ ਉਸ ਸਮੇਂ ਦੂਸਰੇ ਧਰਮ ਦੇ ਲੋਕ ਸਿੱਖਾਂ ਦੀਆ ਕੁਰਬਾਨੀਆਂ ਨੂੰ ਸਤਿਕਾਰ ਦਿੰਦੇ ਸੀ ਅਤੇ ਉਸ ਸਮੇਂ ਦੇ ਹਾਕਮ ਵੀ ਸਿੱਖਾਂ ਦੀ ਬਹਾਦਰੀ ਦਾ ਲੋਹਾ ਮਣਦੇ ਸੀ ਤੇ ਅੱਜ ਸਾਡੇ ਵਿੱਚੋਂ ਹੀ ਕੁਝ ਛੋਟੀ ਮਾਨਸਿਕਤਾ ਦੇ ਲੋਕ ਸਿੱਖੀ ਸਰੂਪ ਧਾਰ ਕੇ ਧਰਮ ਅਤੇ ਕੌਮ ਨੂੰ ਢਾਅ ਲਾਉਣ ਦੀਆਂ ਕੋਝੀਆਂ ਹਰਕਤਾਂ ਕਰਦੇ ਰਹਿੰਦੇ ਹਨ।
ਪਰ ਤਰਸੇਮ ਜੱਸੜ ਨੇ ਇਸ ਫ਼ਿਲਮ ਰਾਹੀਂ ਆਪਣੇ ਸਿੱਖ ਧਰਮ ਅਤੇ ਆਪਣੀ ਸਿੱਖ ਕੌਮ ਨੂੰ ਜੋ ਸਤਿਕਾਰ ਦੇਣ ਦੀ ਕੋਸ਼ਿਸ਼ ਕੀਤੀ ਹੈ ਉਸ ਵਿੱਚ ਉਹ ਮੇਰੇ ਖਿਆਲ ਨਾਲ ਕਾਮਯਾਬ ਹੋਇਆ ਹੈ।

ਰਸ਼ਪਿੰਦਰ ਕੌਰ ਗਿੱਲ
ਲੇਖਕ, ਐਂਕਰ, ਸੰਪਾਦਕ, ਪ੍ਰਧਾਨ- ਪੀਂਘਾਂ ਸੋਚ ਦੀਆਂ
ਸਾਹਿਤ ਮੰਚ, ਪਬਲਿਕੇਸ਼ਨ, ਵੈੱਬ ਚੈਨਲ, ਮੈਗਜ਼ੀਨ, ਸਿੱਖੀ ਫਰਜ਼ ਸਕਾਲਰਸ਼ਿਪ
+91-9888697078

ਚੜਦੀ ਕਲਾ ਖ਼ਾਲਸੇ ਦੀ - ਰਸ਼ਪਿੰਦਰ ਕੌਰ ਗਿੱਲ


ਲੱਖ ਲੱਖ ਸ਼ੁਕਰਾਨਾ ਉਸ ਅਕਾਲ ਪੁਰਖ ਦਾ ਜੋ ਕਿ ਜਾਲਮ ਜਮਾਤ ਨੂੰ ਸਮੇਂ ਰਹਿੰਦੇ ਸੋਝੀ ਬਖਸ਼ੀ ਅਤੇ ਉੱਨਾਂ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦਾ ਪ੍ਰਬੰਧਕ ਦੁਬਾਰਾ ਇੱਕ ਗੁਰਸਿੱਖ ਨੂੰ ਲਾਉਣ ਦਾ ਫੈਂਸਲਾ ਲਿਆ ਹੈ। ਅੱਜ ਥੋੜਾ ਸਕੂਨ ਆਇਆ ਕਿ ਸਾਡੇ ਜੁਝਾਰੂ ਸਿੰਘਾਂ ਨੂੰ ਵੀ ਕੁਝ ਸ਼ਾਂਤੀ ਮਿਲੀ ਹੋਵੇਗੀ। ਸਾਰੀ ਸਿੱਖ ਜਥੇਬੰਦੀਆਂ ਅਤੇ ਸਮੁੱਚੀ ਸਿੱਖ ਕੌਮ ਨੂੰ ਵੀ ਕੁਝ ਰਾਹਤ ਮਿਲੀ ਹੋਵੇਗੀ, ਕਿਉਂਕਿ ਸਮੁੱਚੀ ਕੌਮ ਨੂੰ ਇਹ ਅਚਨਚੇਤ ਤਕਲੀਫ ਮਿਲੀ ਸੀ ਕਿ ਜਾਲਮ ਜਮਾਤ ਨੇ ਇੱਕ ਗੈਰ ਸਿੱਖ ਨੂੰ ਇੰਨੀ ਉੱਚੀ ਅਤੇ ਸੁੱਚੀ ਪੱਦਵੀ ਤੇ ਬਿਠਾ ਦਿੱਤਾ ਸੀ। ਜਾਲਮ ਜਮਾਤ ਦੀਆਂ ਇਹ ਹਰਕਤਾਂ ਸਿੱਖ ਧਰਮ ਲਈ ਇੱਕ ਸਜ਼ਾ ਤੋਂ ਘੱਟ ਨਹੀਂ ਸੀ। ਖੈਰ ਗੁਰੂ ਮਹਾਰਾਜ ਦੀ ਮਹਿਰ ਸਦਕਾ ਜਲਦੀ ਨਿਬੇੜਾ ਹੋ ਗਿਆ ਅਤੇ ਕਿਸੇ ਵੀ ਤਰਾਂ ਦੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਸਿੱਖ ਕੌਮ ਪਹਿਲਾਂ ਹੀ ਭਰੀ ਪੀਤੀ ਬੈਠੀ ਹੈ, ਉਮੀਦ ਕਰ ਸਕਦੇ ਹਾਂ ਕਿ ਜਾਲਮ ਜਮਾਤ ਉੱਨਾਂ ਦੇ ਸਬਰ ਨੂੰ ਪਰਖਣ ਲਈ ਦੁਬਾਰਾ ਕੋਈ ਹੱਥਕੰਡਾ ਨਹੀਂ ਵਰਤੇਗੀ। ਬਾਕੀ ਇਹ ਸ਼ਖ਼ਸ ਜੋ ਖੁਦ ਚਾਰਾ ਬਨਣ ਲਈ ਤੁਰ ਪੈਂਦੇ ਹਨ ਇੰਨਾਂ ਨੂੰ ਵੀ ਗੁਰੂ ਮਹਾਰਾਜ ਸੋਝੀ ਬਖਸ਼ਣ ਅਤੇ ਸਾਡੇ ਜੁਝਾਰੂ ਸਿੰਘਾਂ ਤੋਂ ਦੂਰ ਰੱਖਣ ਤਾਂ ਜੋ ਸਾਡੇ ਸਿੰਘ ਪੰਥ ਦੀ ਬਣਦੀ ਹੋਰ ਸੇਵਾ ਨਿਭਾ ਸਕਣ। ਖ਼ਾਲਸਾ ਪੰਥ ਦੀ ਚੜਦੀ ਕਲਾ ਦੀ ਅਰਦਾਸ ਵਿੱਚ ਮੈਂ ਹਮੇਸ਼ਾਂ
- ਰਸ਼ਪਿੰਦਰ ਕੌਰ ਗਿੱਲ
ਲੇਖਕ, ਐਂਕਰ, ਸੰਪਾਦਕ, ਪ੍ਰਧਾਨ- ਪੀਂਘਾਂ ਸੋਚ ਦੀਆਂ
ਸਾਹਿਤ ਮੰਚ, ਪਬਲਿਕੇਸ਼ਨ, ਵੈੱਬ ਚੈਨਲ, ਮੈਗਜ਼ੀਨ, ਸਿੱਖੀ ਫਰਜ਼ ਸਕਾਲਰਸ਼ਿਪ
+91-9888697078

ਹੰਕਾਰ ਅਤੇ ਲਾਲਚ ਦੀ ਚਰਮ ਸੀਮਾ ਸਮਝੋ ਜੋ ਇਸ ਸ਼ਖ਼ਸ ਨੇ ਖੁਦ ਨੂੰ ਚਾਰਾ ਬਣਾ ਦਿੱਤਾ ਜਾਲਮ ਜਮਾਤ ਲਈ - ਰਸ਼ਪਿੰਦਰ ਕੌਰ ਗਿੱਲ


ਤਖ਼ਤ ਸ਼੍ਰੀ ਹਜ਼ੂਰ ਸਾਹਿਬ ਬੋਰਡ ਦਾ ਪ੍ਰਬੰਧਕ ਇੱਕ ਗੈਰ ਸਿੱਖ ਦਾ ਬਨਣਾ ਕੋਈ ਹੈਰਾਨੀਜਨਕ ਨਹੀਂ ਲੱਗਦਾ ਮੈਨੂੰ। ਕਿਉਂਕਿ ਗੁਰਬਾਣੀ ਦੀਆਂ ਤੁੱਕਾਂ ਕਹਿੰਦੀਆਂ ਹਨ ਕਿ:-
ਰਾਜ ਬਿਨਾ ਨਹਿ ਧਰਮ ਚਲੇ ਹੈਂ ॥
ਧਰਮ ਬਿਨਾ ਸਭ ਦਲੇ ਮਲੇ ਹੈਂ ॥
ਜਦੋਂ ਸਾਡਾ ਰਾਜ ਹੀ ਨਹੀਂ ਤਾਂ ਹੁਕਮਰਾਨ ਜੋ ਮਰਜ਼ੀ ਕਰ ਸਕਦੇ ਹਨ। ਬਾਕੀ ਦੇ ਚਾਰ ਤੱਖਤਾਂ ਦੇ ਪ੍ਰਬੰਧਕ ਵੀ ਹੁਣ ਗੈਰ ਸਿੱਖ ਹੀ ਲਾਏ ਜਾਣਗੇ। ਇਹ ਤੈਅ ਹੈ। ਮੈਨੂੰ ਇੰਜ ਮਹਿਸੂਸ ਹੁੰਦਾ ਕਿ ਇਹ ਪ੍ਰਬੰਧਕ ਨਹੀਂ ਲਾਏ ਜਾ ਰਹੇ ਇਹ ਸਿੱਖ ਕੌਮ ਨੂੰ ਟੈਸਟ ਪਿੰਨ ਲਾਈ ਜਾ ਰਹੀ ਹੈ ਕਿ ਤੁਸੀਂ ਕੀ ਕਰ ਸਕਦੇ ਹੋ ਵਿਰੋਧ ਵਿੱਚ?? ਜੇਕਰ ਤੁਸੀਂ ਅੱਖ ਚੁੱਕੀ ਤਾਂ ਤੁਸੀਂ ਅੱਤਵਾਦੀ ਅਤੇ ਜੇਕਰ ਚੁੱਪੀ ਵੱਟੀ ਤੇ ਗੁਲਾਮ। ਜ਼ਿਆਦਾ ਤੋਂ ਜ਼ਿਆਦਾ ਧਰਨੇ ਲਗਾ ਲਉਂਗੇ। ਪਹਿਲਾਂ ਵੀ ਬਹੁਤ ਧਰਨੇ ਚੱਲ ਰਹੇ ਹਨ ਸਿੱਖ ਕੌਮ ਦੇ, ਬਹਿਬਲ ਕਲਾਂ ਧਰਨਾ, ਬਰਗਾੜੀ ਧਰਨਾ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਹੋਣ ਦੇ ਇਨਸਾਫ਼ ਦਾ ਧਰਨਾ, ਬੰਦੀ ਸਿੰਘਾਂ ਦੀ ਰਿਹਾਈ ਦਾ ਧਰਨਾ, ਇੱਕ ਹੋਰ ਧਰਨਾ ਸਹੀਂ। ਕੀ ਫਰਕ ਪੈਂਦਾ ਹਾਕਮਾਂ ਨੂੰ?? ਕਦੇ ਨਸਲਕੁਸ਼ੀ ਕਰਣੀ ਹੈ ਸਿੱਖਾਂ ਦੀ, ਕਦੇ ਕਿਰਦਾਰਕੁਸ਼ੀ ਕਰਣੀ ਹੈ ਸਿੱਖਾਂ ਦੀ ਅਤੇ ਹੁਣ ਧਰਮਕੁਸ਼ੀ ਕਰਣੀ ਹੈ ਸਿੱਖਾਂ ਦੀ। ਹਾਕਮਾਂ ਦਾ ਟੀਚਾ ਸਿਰਫ ਸਿੱਖੀ ਨੂੰ ਖਤਮ ਕਰਣਾ ਹੈ। ਕਿ ਇਸ ਤਰਾਂ ਖਤਮ ਹੋ ਜਾਊ ਸਿੱਖੀ?? ਕਿ ਸਿੱਖ ਕੌਮ ਖਤਮ ਹੋ ਜਾਊ?? ਇੱਥੇ ਮੇਰੇ ਇੱਕ ਸੱਜਣ ਹਨ ਜਿੰਨਾਂ ਨਾਲ ਹੋਈ ਬਹੁਤ ਸਮਾਂ ਪਹਿਲਾਂ ਵਿਚਾਰ ਚਰਚਾ ਯਾਦ ਆ ਗਈ, ਕਹਿੰਦੇ ਸਨ ਕਿ ਭਾਰਤ ਦੇ ਨਿਜ਼ਾਮ ਵਿੱਚ ਰਹਿ ਕੇ ਵੀ ਸਿੱਖੀ ਪ੍ਰਫੁੱਲਿਤ ਹੋ ਸਕਦੀ ਹੈ। ਅੱਜ ਸਮਝ ਨਹੀਂ ਆ ਰਿਹਾ ਕਿ ਕਿਵੇਂ?? ਅੱਜ ਉਹ ਖੁਦ ਇਸ ਕਾਰਵਾਈ ਦੀ ਨਿੰਦਾ ਕਰਦੇ ਦਿੱਖ ਰਹੇ ਹਨ। ਸਿੱਖ ਰਾਜ ਹੋਣਾ ਕਿੰਨਾਂ ਜ਼ਰੂਰੀ ਹੈ ਹੁਣ ਇਹ ਸਮਝਣ ਦੀ ਲੋੜ ਹੈ। ਅੱਜ ਪਤਾ ਨਹੀਂ ਇਸ ਸ਼ਖ਼ਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਦੇਖ ਕੇ ਮੈਨੂੰ ਇਸ ਉੱਪਰ ਬਹੁਤ ਤਰਸ ਆ ਰਿਹਾ ਹੈ। ਮੈਂ ਇਹ ਸੋਚ ਰਹੀਂ ਹਾਂ ਕਿ ਹਾਕਮ ਜਮਾਤ ਦਾ ਤਾਂ ਸਮਝ ਲੱਗ ਰਿਹਾ ਹੈ ਕਿ ਉਹ ਸਿੱਖੀ ਨੂੰ ਖ਼ਤਮ ਕਰਣ ਲਈ ਪਹਿਲਾਂ ਵੱਖਰੀਆਂ ਵੱਖਰੀਆਂ ਕਮੇਟੀਆਂ ਬਣਾ ਰਹੀ ਸੀ। ਸੂਬੇ ਪੱਧਰ ਉੱਤੇ ਸਿੱਖਾਂ ਨੂੰ ਪਾੜ ਰਹੀ ਸੀ। ਹੁਣ ਪ੍ਰਬੰਧਕ ਆਪਣੇ ਗੈਰ ਸਿੱਖ ਸ਼ਖ਼ਸ ਲਗਾ ਕੇ ਕਮੇਟੀਆਂ ਨੂੰ ਹੀ ਹੜਪਣਾ ਚਾਹੁੰਦੀ ਹੈ। ਇੰਨਾਂ ਦਾ ਤਾਂ ਸਮਝ ਲੱਗ ਗਿਆ ਪਰ ਇਸ ਸ਼ਖ਼ਸ ਦਾ ਸਮਝ ਨਹੀਂ ਲੱਗਾ ਕਿ ਇਹ ਬਲੀ ਦਾ ਬੱਕਰਾ ਬਨਣ ਨੂੰ ਕਿਉਂ ਤਿਆਰ ਹੋ ਗਿਆਂ?? ਕਿੰਨਾਂ ਮੁੱਲ ਪਿਆ ਹੋਵੇਗਾ ਇਸ ਦਾ?? ਕਿ ਇਸ ਦੇ ਪਰਿਵਾਰ ਨੇ ਇਸਨੂੰ ਇਹ ਪਾਪ ਕਰਣ ਤੋਂ ਰੋਕਿਆ ਨਹੀਂ ਹੋਵੇਗਾ?? ਸਿੱਖੀ ਦੇ ਉਸ ਧੁਰੇ ਨੂੰ ਇਸ ਸ਼ਖ਼ਸ ਨੇ ਜਫ਼ਾ ਮਾਰਿਆਂ ਹੈ ਜਿੱਥੋਂ ਸਿੱਖੀ ਸ਼ੁਰੂ ਹੋਈ। ਸੱਚੀਂ ਇਸ ਸ਼ਖ਼ਸ ਉੱਪਰ ਮੈਨੂੰ ਤਰਸ ਆ ਰਿਹਾ ਹੈ। ਤਰਸ ਆ ਰਿਹਾ ਹੈ ਇਸ ਦੀ ਛੋਟੀ ਮਾਨਸਿਕਤਾ ਉੱਪਰ। ਕੀ ਪੀੜੀ ਦਰ ਪੀੜੀ ਇਹ ਕਲੰਕ ਇਸ ਦਾ ਪਰਿਵਾਰ ਆਪਣੇ ਮੱਥੇ ਤੋਂ ਲਾ ਸਕੇਗਾ?? ਮੰਨਿਆ ਸਿੱਖ ਕੌਮ ਅਲਗ ਅਲਗ ਧੜਿਆਂ ਵਿੱਚ ਹੋਈ ਪਈ ਹੈ। ਜਿਸ ਦੇ ਨਤੀਜੇ ਵੱਜੋਂ 18 ਮਾਰਚ 2023 ਨੂੰ ਪੰਜਾਬ ਵਿੱਚ ਇੱਕ ਸਿੱਖ ਵਿਰੋਧੀ ਹਨੇਰੀ ਚੱਲੀ ਸੀ ਅਤੇ ਹਜ਼ਾਰਾਂ ਸਿੱਖ ਅੱਤਵਾਦੀ ਘੋਸ਼ਿਤ ਕਰ ਜੇਲਾਂ ਵਿੱਚ ਕੈਦ ਕਰ ਦਿੱਤੇ ਸੀ। ਦੋ ਫਾੜ ਹੋਏ ਆਗੂਆਂ ਦਾ ਕੁਝ ਸਾਹ ਸੌਖਾ ਹੋ ਗਿਆ ਸੀ, ਪਰ ਹੁਣ ਬੋਂਦਲੇ ਫਿਰਦੇ ਨੇ ਕਿ ਪ੍ਰਬੰਧਕ ਗੈਰ ਸਿੱਖ ਕਿਵੇਂ ਲੱਗ ਗਿਆ?? ਜਦੋਂ ਤੁਸੀਂ ਖੁਦ ਆਪਣੇ ਭਰਾਵਾਂ ਦੇ ਸਕੇ ਨਹੀਂ ਤਾਂ ਨਿਜ਼ਾਮ ਵੀ ਸਮਝਦਾ ਕਿ ਇਹ ਸਾਡੇ ਵੀ ਹੱਕ ਵਿੱਚ ਵੀ ਕਦੇ ਨਹੀਂ ਨਿੱਤਰਣਗੇ। ਚਲੋ ਇੰਨਾਂ ਦੋ ਫਾੜ ਆਗੂਆਂ ਤੋਂ ਕੀ ਉਮੀਦ ਕਰਣੀ, ਪਰ ਇਹ ਸਮਝ ਨਹੀਂ ਆ ਰਿਹਾ ਕਿ ਇਸ ਸ਼ਖ਼ਸ ਨੇ ਬਲੀ ਦਾ ਬੱਕਰਾ ਬਨਣ ਤੋਂ ਪਹਿਲਾਂ ਸਿੱਖ ਧਰਮ ਦਾ ਇਤਿਹਾਸ ਨਹੀਂ ਪੜ੍ਹਿਆਂ?? ਸਿੱਖ ਧਰਮ ਦੇ ਸੋਧੇ ਨਹੀਂ ਪੜੇ?? ਖੈਰ ਹੁਣ ਖੋਰੇ ਪੜ ਲਏ ਸਿੱਖ ਇਤਿਹਾਸ ਅਤੇ ਆਪ ਹੀ ਅਹੁੱਦਾ ਛੱਡ ਦੇਵੇ ਨਹੀਂ ਤਾਂ ਐਵੇਂ ਕਿਸੇ ਸਿੰਘ ਨੂੰ ਸੇਵਾ ਕਰਣੀ ਪੈਣੀ ਹੈ। ਜਾਲਮ ਹਾਕਮਾਂ ਲਈ ਚਾਰਾ ਬਨਣ ਦਾ ਕੰਮ ਇਹ ਸ਼ਖ਼ਸ ਕਿਸ ਲਾਲਚ ਵੱਸ ਕਰਦੇ ਹੋਣਗੇ?? ਸਮੁੱਚੀ ਸਿੱਖ ਕੌਮ ਨਿੱਖੜੀ ਹੋਣ ਕਰਕੇ ਹੀ ਇਹ ਸਭ ਘਟਨਾਵਾਂ ਨੂੰ ਅਨਜਾਮ ਦਿੱਤਾ ਜਾ ਰਿਹਾ ਹੈ। ਸਮੁੱਚੀ ਸਿੱਖ ਕੌਮ ਨੂੰ ਆਪਣੀ ਅਹਿਮੀਅਤ ਸਮਝ ਕੇ ਜਾਲਮ ਹਾਕਮਾਂ ਦੀਆਂ ਬੁੱਕਲਾਂ ਵਿੱਚੋਂ ਨਿਕਲਣਾ ਹੀ ਪੈਣਾ। ਆਪਣਾ ਖੁਦ ਦਾ ਸਿੱਖ ਰਾਜ ਸਥਾਪਿਤ ਕਰਣਾ ਹੀ ਪੈਣਾ ਹੈ। ਇੱਕਲੋਤਾ ਸਿੱਖ ਰਾਜ ਹੀ ਹੈ ਜੋ ਹਰ ਧਰਮ ਨੂੰ ਨਿਰਪੱਖ ਰੱਖੇਗਾ। ਚਾਹੇ ਸੁਲਗਦਾ ਕਸ਼ਮੀਰ ਹੋਵੇ ਚਾਹੇ ਸੁਲਗਦਾ ਪੰਜਾਬ ਚਾਹੇ ਸੁਲਗਦਾ ਉੱਤਰ ਪ੍ਰਦੇਸ਼ ਹੋਵੇ ਜਾਂ ਚਾਹੇ ਸੁਲਗਦਾ ਮਣੀਪੁਰ ਹੋਵੇ, ਹੁਣ ਸਭ ਨੂੰ ਸਿੱਖ ਰਾਜ ਦੀ ਗੋਦ ਦਾ ਨਿੱਘ ਮਾਨਣ ਦੀ ਲੋੜ ਹੈ। ਸਿੱਖ ਰਾਜ ਦੇ ਨਿਰਪੱਖ ਕਨੂੰਨ ਦੀ ਲੋੜ ਹੈ। ਸਿੱਖ ਕੌਮ ਦਾ ਰਾਜ ਹੀ ਹਰ ਪਾਸੇ ਸ਼ਾਂਤੀ ਲਿਆਂ ਸਕਦਾ ਹੈ। ਮੋਜੂਦਾ ਹਾਕਮਾਂ ਦੀ ਸੋਚ ਦਾ ਮਿਆਰ ਇੰਨਾਂ ਨੀਵਾਂ ਗਿਰ ਚੁੱਕਾ ਹੈ ਕਿ ਇੰਨਾਂ ਦੀ ਖੁਦ ਦੀ ਔਲਾਦ ਸ਼ਰਮਿੰਦਾ ਹੈ। ਇੰਨਾਂ ਦੀ ਔਲਾਦ ਪੀੜੀ ਦਰ ਪੀੜੀ ਦੁਦਕਾਰੀ ਜਾਂਦੀ ਹੈ। ਤਰਸ ਆਉਂਦਾ ਹੈ ਇਹੋ ਜਿਹੇ ਸ਼ਖਸਾਂ ਉੱਪਰ ਜਿੰਨਾਂ ਦੇ ਅੰਦਰ ਰੱਬ ਦਾ ਭੈਅ ਖਤਮ ਹੋ ਜਾਂਦਾ ਹੈ ਅਤੇ ਸਿੱਖ ਕੌਮ ਦੇ ਯੋਧੇ ਆਪਣੇ ਗੁਰੂ ਦੇ ਭੈਅ ਵਿੱਚ ਰਹਿ ਕੇ ਕੌਮ ਲਈ ਸੇਵਾ ਨਿਭਾਉਂਦੇ ਰਹਿੰਦੇ ਹਨ। ਪ੍ਰਣਾਮ ਸਾਰੇ ਸਿੱਖ ਸ਼ਹੀਦਾਂ ਅਤੇ ਜੁਝਾਰੂ ਸਿੰਘਾਂ ਨੂੰ।
ਰੂਹ ਦੀ ਖਵਾਇਸ਼ ਹੈ ਕਿ ਸੱਤਾ ਉੱਤੇ ਅਸੀਂ ਕਾਬਜ਼ ਹੋਈਏ ਅਤੇ ਸਾਰੀ ਜਾਲਮ ਜਮਾਤ ਨੂੰ ਇੱਕੋ ਵਾਰ ਪੰਗਤ ਵਿੱਚ ਬਿਠਾ ਕੇ ਪ੍ਰਸ਼ਾਦਾ ਛੱਕਾਂ ਸਕਿਏ। ਸਿੱਖਾਂ ਦੇ ਸਬਰ ਨੂੰ ਸਿੱਜਦਾ ਹੈ ਜੋ ਸਿਰਫ ਆਪਣੇ ਗੁਰੂ ਦੇ ਭੈਅ ਵਿੱਚ ਰਹਿ ਕੇ ਕਦੇ ਵੀ ਕਿਸੇ ਹੋਰ ਧਰਮ ਦਾ ਘਾਣ ਨਹੀਂ ਕਰਦੇ ਅਤੇ ਨਾ ਕਦੇ ਕਿਸੇ ਵੀ ਧਾਰਮਿਕ ਸੰਸਥਾ ਉੱਤੇ ਕਾਬਜ਼ ਹੋਣ ਦੀ ਵਿਚਾਰਧਾਰਾ ਰੱਖਦੇ ਹਨ।
ਸਰਬ ਉੱਚ ਸਿੱਖ ਧਰਮ
ਸਰਬ ਉੱਚ ਗੁਰਬਾਣੀ
ਧੰਨ ਗੁਰੂ ਦੀ ਸਿੱਖੀ
ਮਨ ਨੀਵਾਂ ਹਮੇਸ਼ਾਂ ਰੱਖਿਆ
ਅਤੇ ਮੱਤ ਹਮੇਸ਼ਾਂ ਉੱਚੀ

- ਰਸ਼ਪਿੰਦਰ ਕੌਰ ਗਿੱਲ
ਲੇਖਕ, ਐਂਕਰ, ਸੰਪਾਦਕ, ਪ੍ਰਧਾਨ- ਪੀਂਘਾਂ ਸੋਚ ਦੀਆਂ
ਸਾਹਿਤ ਮੰਚ, ਪਬਲਿਕੇਸ਼ਨ, ਵੈੱਬ ਚੈਨਲ, ਮੈਗਜ਼ੀਨ, ਸਿੱਖੀ ਫਰਜ਼ ਸਕਾਲਰਸ਼ਿਪ
+91-9888697078

“ਮੇਰੀ ਸ਼ਖਸੀਅਤ” - ਰਸ਼ਪਿੰਦਰ ਕੌਰ ਗਿੱਲ

ਮੈਂ ਕਦੇ ਨਹੀਂ ਕਹਾਂਗੀ
ਕਿ ਮੈਨੂੰ ਮਨਾਉ
ਕਿਉਂਕੀ ਮੈੰ ਰੁੱਸਾਂਗੀ ਹੀ ਉਦੋਂ
ਜਦੋਂ ਮੈਂ ਮੰਨਣਾ ਨਾ ਹੋਵੇਗਾ
ਬੇਵਜਾ ਰੁੱਸਣਾ
ਉਹ ਮੇਰੀ ਸ਼ਖਸੀਅਤ ਨਹੀਂ ।

ਰੁੱਸਣਾ ਮਨਾਉਣਾ ਮੈਨੂੰ ਇੱਕ ਖੇਡ ਜਾਪਦਾ
ਪਰ ਮੇਰੀ ਜਿੰਦਗੀ ਕੋਈ ਖੇਡ ਨਹੀਂ
ਤੂੰ ਰੁੱਸ ਜਾਵੇਂ ਤੇ ਮੈਂ ਮਨਾਵਾਂ
ਕਦੇ ਮੈਂ ਰੁੱਸ ਜਾਵਾਂ ਤੇ ਤੂੰ ਮਨਾਵੇਂ
ਇਹ ਖੇਡਾਂ ਖੇਡ ਜਿੰਦਗੀ ਬਿਤਾਵਾਂ
ਉਹ ਮੇਰੀ ਸ਼ਖਸੀਅਤ ਨਹੀਂ

ਮੈਨੂੰ ਇੰਝ ਲਗਦਾ ਰੁੱਸਣ ਦੀ ਕੋਈ ਵਜਾ ਤਾਂ ਹੋਵੇ
ਵਜਾ ਵੀ ਉਹ ਹੋਵੇ ਜੋ ਮੇਰੇ ਲਈ ਇੱਕ ਸਜਾ ਹੋਵੇ
ਜਦ ਮੇਰੀ ਕੋਈ ਖਤਾ ਨਾ ਹੋਵੇ
ਤਾਂ ਫਿਰ ਮੇਰਾ ਰੁੱਸਣਾ ਬਣਦਾ ਹੈ
ਬੇਵਜਾ ਮੈਂ ਸੂਲੀ ਤੇ ਚੜਾਂ
ਉਹ ਮੇਰੀ ਸ਼ਖਸੀਅਤ ਨਹੀਂ

ਰਿਸ਼ਤੇ ਮੈਨੂੰ ਬਹੁਤ ਅਹਿਮ ਨੇ ਮੇਰੀ ਜਿੰਦਗੀ ਵਿੱਚ
ਕੋਈ ਮੇਰੀ ਕਦਰ ਨਾ ਪਾਵੇ ਤਾਂ ਮੈਂ ਕੀ ਕਰਾਂ
ਕੋਈ ਛੱਡ ਕੇ ਖੁਦ ਟੁਰ ਜਾਵੇ ਮੈਨੂੰ
ਮੈਂ ਰੋਵਾਂ ਜਾਂ ਕੁਰਲਾਵਾਂ
ਕਦੇ ਸਮਝ ਨਾ ਆਵੇ ਮੈਂ ਕੀ ਕਰਾਂ
ਖੁਦ ਨੂੰ ਸਮੇਟ ਕੇ ਡੱਟ ਕੇ ਖੜ ਜਾਂਦੀ ਹਾਂ ਮੈਂ
ਟੁੱਟ ਜਾਵਾਂ ਹਾੜੇ ਪਾਵਾਂ
ਜੁਦਾਈ ਦੇ ਵਿੱਚ ਮੈਂ ਮਰ ਜਾਵਾਂ
ਉਹ ਮੇਰੀ ਸ਼ਖਸੀਅਤ ਨਹੀਂ

ਆਕੜਖੋਰੀ ਹਾਂ, ਨੱਕਚੜੀ ਹਾਂ
ਹੰਕਾਰੀ ਵੀ ਮੈਂ ਲਗਦੀ ਹਾਂ ਸਭ ਨੂੰ
ਮੇਰੀ ਮਾਸੂਮੀਅਤ ਨੂੰ
ਕਿੰਝ ਕਿੰਝ ਕਤਲ ਕੀਤਾ
ਤੇ ਕਿਸ ਕਿਸ ਨੇ ਕੀਤਾ
ਮੈਂ ਉਹ ਸਭ ਭੁੱਲ ਜਾਵਾਂ
ਉਹ ਮੇਰੀ ਸ਼ਖਸੀਅਤ ਨਹੀਂ

ਰੋਸੇ ਸਾਰੇ ਮੁੱਕ ਗਏ ਹਨ ਮੇਰੇ
ਵਹਿਮ ਡਰ ਸਭ ਛੁੱਟ ਗਏ ਨੇ ਮੇਰੇ
ਮੇਰੇ ਕੋਲ ਸਿਰਫ ਮੈਂ ਬਚੀ ਹਾਂ
ਮੈਂ ਦੇ ਵਿੱਚ ਮੇਰੀ ਰੂਹ ਬਚੀ ਆ
ਆਪਣੀ ਰੂਹ ਨਾਲ ਮੈਂ ਰੁੱਸ ਜਾਵਾਂ
ਉਹ ਮੇਰੀ ਸ਼ਖਸੀਅਤ ਨਹੀਂ

- ਰਸ਼ਪਿੰਦਰ ਕੌਰ ਗਿੱਲ
ਲੇਖਕ, ਐਂਕਰ, ਸੰਪਾਦਕ, ਪ੍ਰਧਾਨ- ਪੀਂਘਾਂ ਸੋਚ ਦੀਆਂ
ਸਾਹਿਤ ਮੰਚ, ਪਬਲਿਕੇਸ਼ਨ, ਵੈੱਬ ਚੈਨਲ, ਮੈਗਜ਼ੀਨ, ਸਿੱਖੀ ਫਰਜ਼ ਸਕਾਲਰਸ਼ਿਪ
+91-9888697078

"ਮਣੀਪੁਰ ਦੀ ਘਟਨਾ ਹਕੂਮਤ ਅਤੇ ਪ੍ਰਸ਼ਾਸਨ ਦੀ ਇੱਕ ਮਿਲੀ ਭੁਗਤ ਯੋਜਨਾ" - ਰਸ਼ਪਿੰਦਰ ਕੌਰ ਗਿੱਲ

ਮਣੀਪੁਰ ਦੀ ਘਟਨਾ ਜੋ ਕਿ ਇਨਸਾਨੀਅਤ ਨੂੰ ਜਿੱਥੇ ਸ਼ਰਮਸਾਰ ਕਰਦੀ ਹੈ, ਉੱਥੇ ਹੀ ਮਰਦਾਨਗੀ ਦੀ ਦਰਿੰਦਗੀ ਨੂੰ ਦਰਸਾਉਂਦੀ ਹੈ। ਮੁੱਢ ਕਦੀਮੀ ਇਤਿਹਾਸ ਵੱਲ ਝਾਤ ਮਾਰੀ ਜਾਵੇ ਤਾਂ ਹਰ ਯੁੱਗ ਵਿੱਚ, ਹਰ ਰਾਜ ਵਿੱਚ, ਹਰ ਸ਼ਾਸਨ ਵਿੱਚ, ਹਰ ਸੰਘਰਸ਼ ਵਿੱਚ, ਹਰ ਅੰਦੋਲਣ ਵਿੱਚ, ਹਰ ਅਜ਼ਾਦੀ ਦੇ ਸੰਘਰਸ਼ ਵਿੱਚ ਮਰਦ ਦੀ ਮਰਦਾਨਗੀ ਦੀ ਦਰਿੰਦਗੀ ਆਪਣੇ ਘਟੀਆਪਣ ਦੀ ਚਰਮ ਸੀਮਾ ਦਿਖਾਉਂਦੀ ਹੈ। ਚਾਹੇ ਮਹਾਭਾਰਤ ਹੋਵੇ, ਚਾਹੇ ਰਮਾਇਣ ਹੋਵੇ, ਚਾਹੇ ਮੁਗਲਾਂ ਦਾ ਸ਼ਾਸਨ ਹੋਵੇ, ਚਾਹੇ 1947 ਹੋਵੇ, ਚਾਹੇ 1984 ਹੋਵੇ, ਚਾਹੇ ਵਰਤਮਾਨ ਭਾਰਤ ਵਿੱਚ ਹੋ ਰਹੇ ਸਮੇਂ ਸਮੇਂ ਤੇ ਧੀਆਂ ਦੇ ਬਲਾਤਕਾਰ ਹੋਣ ਜਾਂ ਚਾਹੇ ਮਣੀਪੁਰ ਦੀ ਘਟਨਾ ਹੋਵੇ। ਮਰਦਾਂ ਦੀ ਦਰਿੰਦਗੀ ਅਤੇ ਹਵਸ ਪੀੜੀ ਦਰ ਪੀੜੀ ਸ਼ਰਮਸਾਰ ਕਰਦੀ ਹੈ। ਖ਼ਾਲਸਾ ਪੰਥ ਖ਼ਾਲਸਾ ਰਾਜ ਔਰਤ ਦਾ ਸਤਿਕਾਰ ਉਸ ਬੁਲੰਦੀਆਂ ਤੇ ਲੈ ਜਾਂਦਾ ਹੈ ਕਿ ਔਰਤਾਂ ਵੀ ਮਰਦ ਅਗੰਬੜੇ ਬਣ ਸੋਚਦੀਆਂ ਹਨ। ਇਤਿਹਾਸ ਦੇ ਪੰਨੇ ਫਰੋਲਾਂ ਤਾਂ ਗੁਰੂ ਦੇ ਸਿੰਘਾਂ ਉੱਪਰ ਉਸ ਕਾਦਰ ਦੀ ਉਹ ਮਹਿਰ ਰਹੀ ਹੈ ਕਿ ਹਮੇਸ਼ਾਂ ਗੁਰੂ ਦੀਆਂ ਫੌਜਾਂ ਨੇ ਧੀਆਂ ਭੈਣਾਂ ਦੀ ਇੱਜ਼ਤਾਂ ਦੀ ਰਾਖੀ ਕੀਤੀ ਹੈ। ਅਣਗਿਣਤ ਜੰਗਾਂ ਯੁੱਧ ਲੜੇ ਗਏ ਅੱਜ ਤੱਕ ਪਰ ਗੁਰੂ ਦੇ ਸਿੰਘਾਂ ਦੀ ਮਰਦਾਨਗੀ ਹਮੇਸ਼ਾਂ ਆਪਣੀ ਹੋਂਦ ਅਤੇ ਆਪਣੇ ਪੰਥ ਦੀ ਰਾਖੀ ਲਈ ਦੇਖੀ ਗਈ। ਨਾ ਕਿ ਵਿਰੋਧੀ ਧਿਰ ਦੀਆਂ ਔਰਤਾਂ ਨੂੰ ਨਿਸ਼ਾਨਾ ਬਨਾਉਣ ਲਈ ਵੇਖੀ ਗਈ। ਇਹ ਕਹਿਣ ਵਿੱਚ ਕੋਈ ਦੋ ਰਾਏ ਨਹੀਂ ਕਿ ਖਾਲਸਾ ਰਾਜ ਅਤੇ ਖ਼ਾਲਸਾ ਫੌਜ ਹੀ ਅੱਜ ਸਮੇਂ ਦੀ ਮੰਗ ਹੈ। ਖ਼ਾਲਸਾ ਰਾਜ ਦੇ ਸਿਰਮੌਰ ਕਨੂੰਨ ਹੀ ਨਿਰਪੱਖ ਫੈਂਸਲੇ ਕਰ ਸਕਦੇ ਹਨ। ਭਾਰਤ ਵਿੱਚ ਜਿਸ ਤਰਾਂ ਹਕੂਮਤ ਅਤੇ ਪ੍ਰਸ਼ਾਸਨ ਮਿਲ ਕੇ ਕਸ਼ਮੀਰ, ਪੰਜਾਬ, ਉੱਤਰ ਪ੍ਰਦੇਸ਼ ਅਤੇ ਮਨੀਪੁਰ ਵਿੱਚ ਜਿਸ ਤਰਾਂ ਮਰਦਾਨਗੀ ਦੀ ਦਰਿੰਦਗੀ ਦਰਸਾ ਰਹੀ ਹੈ ਅਤੇ ਉਸ ਉੱਪਰ ਜਿਸ ਤਰਾਂ ਇੰਟਰਨੈੱਟ ਨੂੰ ਬੰਦ ਕਰਕੇ ਇੰਨਾਂ ਸੂਬਿਆਂ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਪੂਰੇ ਵਿਸ਼ਵ ਨੂੰ ਸਮਝ ਆ ਰਿਹਾ ਹੈ। ਵਿਦੇਸ਼ਾਂ ਵਿੱਚ ਵੀ ਭਾਰਤ ਦੇਸ਼ ਦੀ ਸਰਕਾਰ ਇੱਕ ਨੀਵੀਂ ਪੱਧਰ ਦੀ ਸੋਚ ਨੂੰ ਦਰਸਾਉਂਦੀ ਹੋਈ ਦਿੱਖ ਰਹੀ ਹੈ। ਜੇਕਰ ਇੰਨਾਂ ਘਟਨਾਵਾਂ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾ ਹੋਵੇ ਤਾਂ ਇਟਰਨੈੱਟ ਬੰਦ ਕਰਣ ਦੀ ਲੋੜ ਹੀ ਨਾ ਪਵੇ ਅਤੇ ਨਾ ਹੀ ਮੀਡੀਆ ਨੂੰ ਖ਼ਰੀਦਣ ਦੀ ਲੋੜ ਪਵੇ। ਪਰ ਅਫ਼ਸੋਸ ਭਾਰਤ ਦੀ ਸਿਆਸਤ ਗੰਦਗੀ ਦੇ ਉਸ ਰਾਹ ਉੱਪਰ ਤੁਰ ਪਈ ਹੈ ਕਿ ਕਿਸੇ ਵੀ ਅੰਦੋਲਣ ਜਾਂ ਕਿਸੇ ਵੀ ਸੰਘਰਸ਼ ਨੂੰ ਕੁਚਲਣ ਲਈ ਇੰਨਾਂ ਨੂੰ ਮਰਦਾਂ ਦੀ ਹੈਵਾਨਿਅਤ ਉਸ ਔਰਤ ਜ਼ਾਤ ਉੱਪਰ ਹੀ ਦਿਸਦੀ ਹੈ ਜਿਸ ਔਰਤ ਜਾਤ ਦੇ ਕਾਰਣ ਹੀ ਇੰਨਾਂ ਹੈਵਾਨ ਮਰਦਾਂ ਦੀ ਖੁਦ ਦੀ ਹੋਂਦ ਹੁੰਦੀ ਹੈ। ਪਰ ਇਹ ਭਾਰਤ ਦੇਸ਼ ਇਸ ਹੈਵਾਨ ਮਰਦਾਨਗੀ ਨੂੰ ਅਲੱਗ ਅਲੱਗ ਰੂਪ ਵਿੱਚ ਪ੍ਰਫੁੱਲਿਤ ਕਰਦਾ ਹੈ ਚਾਹੇ ਉਹ ਰੂਪ 1984 ਦਾ ਸੱਜਣ ਅਤੇ ਟੈਟਲਰ ਦਾ ਰੂਪ ਹੋਵੇ, ਚਾਹੇ ਸੌਦਾ ਸਾਧ ਦਾ ਰੂਪ ਹੋਵੇ, ਚਾਹੇ 26 ਜਨਵਰੀ ਉੱਤੇ ਛੱਡੇ ਬਿਕੀਸ ਬਾਨੋ ਦੇ ਬਲਾਤਕਾਰੀਆਂ ਦਾ ਰੂਪ ਹੋਵੇ ਅਤੇ ਚਾਹੇ ਹੁਣ ਮਣੀਪੁਰ ਦੀ ਘਟਨਾ ਦੇ ਦੋਸ਼ੀਆਂ ਦਾ ਰੂਪ ਹੋਵੇ। ਮਣੀਪੁਰ ਦੀ ਘਟਨਾ ਸਿੱਧੇ ਤੌਰ ਤੇ ਬਿਕੀਸ ਬਾਨੋ ਦੇ ਬਲਾਤਕਾਰੀਆਂ ਨੂੰ ਰਿਹਾ ਕਰਣ ਤੋਂ ਪ੍ਰਭਾਵਿਤ ਹੈ। ਬਿਲਕੁਲ ਸਪੱਸ਼ਟ ਹੈ ਕਿ ਮਣੀਪੁਰ ਦੀ ਘਟਨਾ ਸਰਕਾਰ ਅਤੇ ਪ੍ਰਸ਼ਾਸਨ ਦੀ ਸ਼ਹਿ ਕਰਕੇ ਹੋਈ ਹੈ ਸੋਚੀ ਸਮਝੀ ਸਾਜਿਸ਼ ਦੇ ਤਹਿਤ ਹੋਈ ਹੈ। ਕਦੇ ਵੀ ਕੋਈ ਅੰਦੋਲਣਕਾਰੀ ਆਪਣੇ ਸੰਘਰਸ਼ ਨੂੰ ਢਾਹ ਲਾਉਣ ਲਈ ਇਸ ਤਰਾਂ ਦਾ ਸ਼ਰਮਸਾਰ ਵਾਕਿਆ ਨਹੀਂ ਕਰੇਗਾ। ਇਹ ਸਭ ਸਰਕਾਰ ਅਤੇ ਪ੍ਰਸ਼ਾਸਨ ਦੇ ਖਰੀਦੇ ਹੋਏ ਕਰਿੰਦਿਆਂ ਨੇ ਕਾਰਾ ਕੀਤਾ, ਇਸੇ ਲਈ ਇਹ ਸ਼ਰਮਸਾਰ ਮਰਦਾਨਗੀ ਦੀ ਦਰਿੰਦਗੀ ਸ਼ਰੇਆਮ ਹੋਈ, ਬਕਾਇਦਾ ਇਸ ਸ਼ਰਮਸਾਰ ਕਾਰੇ ਦੀ ਖੁਲੇਆਮ ਵਿਡੀਉ ਬਣਾਈ ਗਈ, ਸਰਕਾਰ ਅਤੇ ਪ੍ਰਸ਼ਾਸਨ ਦਾ ਇੰਨਾਂ ਹੈਵਾਨਾਂ ਨੂੰ ਕੋਈ ਖੌਫ ਹੈ ਹੀ ਨਹੀਂ ਸੀ, ਕਿਉਂਕੀ ਉਨਾਂ ਨੂੰ ਪਤਾ ਸੀ ਕਿ ਬਿਕੀਸ ਬਾਨੋ ਦੇ ਦੋਸ਼ੀਆਂ ਵਾਂਗ ਉਨਾਂ ਦੀ ਸਜਾ ਵੀ ਮਾਫ ਹੋ ਹੀ ਜਾਣੀ ਹੈ। ਜੇਕਰ ਵੇਖਿਆ ਜਾਵੇ ਤਾਂ ਭਾਰਤ ਵਿੱਚ ਨਿਹਾਇਤ ਸ਼ਰਮਸਾਰ ਨਿਹਾਇਤ ਘਟੀਆ ਸਰਕਾਰਾਂ ਦੇ ਸ਼ਾਸਣਕਾਲ ਰਹੇ। ਹੁਣ ਸਿਰਫ ਮੰਗ ਖ਼ਾਲਸਾ ਰਾਜ ਦੀ ਹੈ। ਇਸ ਦਰਿੰਦਗੀ ਇਸ ਵਹਿਸ਼ੀਪੁਣੇ ਤੋਂ ਜੇਕਰ ਭਾਰਤ ਦੀ ਜਨਤਾ ਨਿਜਾਤ ਚਾਹੁੰਦੀ ਹੈ ਤਾਂ ਸ਼ਾਸਨ ਸਿੱਖ ਕੌਮ ਦੇ ਹੱਥ ਦੇ ਕੇ ਵੇਖਣ। ਸਿੱਖ ਆਗੂਆਂ ਦੇ ਹੱਥ ਦੇ ਕੇ ਵੇਖਣ। ਗੁਰੂ ਦੇ ਸਿੰਘ ਗੁਰਬਾਣੀ ਨਾਲ ਇਸ ਕਦਰ ਜੁੜੇ ਹੋਏ ਹਨ ਕਿ ਉਹ ਹਰ ਸਮੇਂ ਆਪਣੇ ਗੁਰੂ ਦਾ ਭੈਅ ਆਪਣੇ ਮਨ ਅੰਦਰ ਰੱਖ ਕੇ ਸਰਬੱਤ ਦਾ ਭਲਾ ਲੋਚਦੇ ਹਨ। ਇਤਿਹਾਸ ਗਵਾਹ ਹੈ ਕਿ ਖ਼ਾਲਸਾ ਰਾਜ ਵਿੱਚ ਔਰਤ ਦਾ ਸਤਿਕਾਰ ਬੁਲੰਦੀਆਂ ਤੇ ਰਿਹਾ ਹੈ। ਸਿੱਖ ਸ਼ਾਸਨ ਹੀ ਇੰਨਾਂ ਪੀੜਤ ਸੂਬਿਆਂ ਵਿੱਚ ਮੁੜ ਇੱਜਤ ਦੀ ਬਹਾਲੀ ਕਰ ਸਕਦਾ ਹੈ। ਹੁਣ ਜਨਤਾ ਨੂੰ ਸੋਚਣ ਦੀ ਲੋੜ ਹੈ ਕਿ ਉੱਨਾਂ ਮਰਦਾਂ ਦੀ ਦਰਿੰਦਗੀ ਦੇ ਸ਼ਿਕਾਰ ਹੋ ਪੀੜੀ ਦਰ ਪੀੜੀ ਇਹ ਜਲਾਲਤ ਸਹਿਣੀ ਹੈ ਜਾਂ ਇਸ ਦਰਿੰਦਗੀ ਦਾ ਅੰਤ ਕਰਣਾ ਹੈ। ਸਿੱਖ ਸ਼ਾਸਕ ਅਤੇ ਸਿੱਖ ਸ਼ਾਸਨ ਹੀ ਅਸੂਲਣ ਤਰੀਕੇ ਨਾਲ ਹੋ ਰਹੇ ਇਸ ਘਾਣ ਦਾ ਅੰਤ ਕਰ ਸਕਦੇ ਹਨ। ਸਿੱਖ ਕੌਮ ਇਨਸਾਫ ਪਸੰਦ ਕੌਮ ਹੈ। ਸਿੱਖ ਕੌਮ ਨੇ ਇਨਸਾਫ ਕਰਣ ਲੱਗਿਆਂ ਖੁਦ ਆਪਣੀ ਕੌਮ ਦੇ ਦੁਸ਼ਟਾਂ ਦਾ ਸੋਧਾ ਵੀ ਲਗਾਇਆ ਹੈ। ਨਾ ਕਿ ਆਪਣੀ ਜਾਤ ਜਾਂ ਆਪਣੇ ਧਰਮ ਦਾ ਪੱਖ ਪੂਰਿਆ ਹੋਵੇ। ਔਰਤਾਂ ਦੀ ਬੇਕਦਰੀ ਜਿਸ ਕਦਰ ਭਾਰਤ ਵਿੱਚ ਵੱਧ ਰਹੀ ਹੈ ਉਸ ਵੱਲ ਦੇਖਦੇ ਹੋਏ ਜਨਤਾ ਦੇ ਦਿਲਾਂ ਵਿੱਚ ਖਾਲਸਾ ਰਾਜ ਦੀ ਸਥਾਪਨਾ ਇੱਕ ਬਹੁਤ ਵੱਡੀ ਮੰਗ ਬਣ ਚੁੱਕੀ ਹੈ।

- ਰਸ਼ਪਿੰਦਰ ਕੌਰ ਗਿੱਲ
ਲੇਖਕ, ਐਂਕਰ, ਪ੍ਰਧਾਨ- ਪੀਂਘਾਂ ਸੋਚ ਦੀਆਂ
ਸਾਹਿਤ ਮੰਚ, ਪਬਲਿਕੇਸ਼ਨ, ਵੈੱਬ ਚੈਨਲ, ਮੈਗਜ਼ੀਨ, ਸਿੱਖੀ ਫਰਜ਼ ਸਕਾਲਰਸ਼ਿਪ
+91-9888697078

ਪਿਤਾ ਦਿਵਸ ਮਨਾਉਣਾ ਸਾਡਾ ਸੱਭਿਆਚਾਰ ਨਹੀਂ ਪਿਤਾ ਪੁਰਖੀ ਹੋਣਾ ਸਾਡਾ ਵਿਰਸਾ ਹੈ - ਰਸ਼ਪਿੰਦਰ ਕੌਰ ਗਿੱਲ

ਜਦੋਂ ਅਸੀਂ ਛੋਟੇ ਸੀ ਉਦੋਂ ਸੋਸ਼ਲ ਮੀਡੀਆ ਦਾ ਯੁੱਗ ਨਹੀਂ ਸੀ। ਦੇਸ਼ਾਂ ਵਿਦੇਸ਼ਾਂ ਦੇ ਦਿਨ ਦਿਹਾਰਾਂ ਦਾ ਸਾਨੂੰ ਕੁਝ ਪਤਾ ਨਹੀਂ ਸੀ ਹੁੰਦਾ। ਗਿਣੇ ਚੁਣੇ ਕੁਝ ਤਿਉਹਾਰ ਹੁੰਦੇ ਸਨ। ਬੇਸਬਰੀ ਨਾਲ ਉਨਾਂ ਤਿਉਹਾਰਾਂ ਦੀ ਉਡੀਕ ਹੋਣੀ ਅਤੇ ਬੜੇ ਹੀ ਚਾਵਾਂ ਨਾਲ ਉਨਾਂ ਨੂੰ ਮਨਾਉਣਾ।
ਹੌਲੀ ਹੌਲੀ ਸਮਾਂ ਬਦਲਿਆ, ਯੁੱਗ ਬਦਲਿਆ, ਸਾਇੰਸ ਨੇ ਤਰੱਕੀ ਕੀਤੀ, ਸਾਡੀ ਵੀ ਉਮਰ ਵਿੱਚ ਵਾਧਾ ਹੋਇਆ, ਬਚਪਨ ਨੂੰ ਮਾਣਦੇ ਹੋਏ ਆਪਣੀ ਉਮਰ ਦੇ ਇਸ ਪੜਾਅ ਵਿੱਚ ਆ ਗਏ ਹਾਂ ਕਿ ਹੁਣ ਆਪਣੇ ਬੱਚਿਆਂ ਦੇ ਬਚਪਨ ਦਾ ਅਨੰਦ ਮਾਣ ਰਹੇ ਹਾਂ।
ਸੋਸ਼ਲ ਮੀਡੀਆ ਰਾਹੀਂ ਸਾਰਾ ਵਿਸ਼ਵ ਇੰਝ ਲੱਗਦਾ ਜਿਵੇਂ ਸਾਡੇ ਫੋਨਾਂ ਵਿੱਚ ਹੀ ਸਮਾ ਕੇ ਰਹਿ ਗਿਆ ਹੋਵੇ। ਉਂਗਲਾਂ ਤੇ ਤਿਉਹਾਰ ਗਿਨਣ ਵਾਲੇ ਅਸੀਂ ਅੱਜ ਦੇਖਦੇ ਹਾਂ ਕਿ ਸਾਡੇ ਬੱਚੇ ਨਿੱਤ ਨਵਾਂ ਦਿਹਾਰ ਮਣਾ ਰਹੇ ਹਨ। ਹੁਣ ਨਾ ਧਰਮ ਦੀ ਬੰਦਿਸ਼ ਰਹੀ ਤੇ ਨਾ ਹੀ ਦੇਸ਼ਾਂ ਦੀ। ਨਾ ਬੰਦਿਸ਼ ਰਹੀ ਆਪਣੇ ਵਿਰਸੇ ਦੀ ਤੇ ਨਾ ਹੀ ਬੰਦਿਸ਼ ਰਹੀ ਹੁਣ ਵਿਚਾਰਾਂ ਦੀ। ਬਸ ਇੱਕ ਪੋਸਟ ਦੇਖਣ ਦੀ ਲੋੜ ਹੈ ਅਸੀਂ ਸਭ ਉਸ ਦਿਨ ਨੂੰ ਮਨਾਉਣ ਦੇ ਚਾਹਵਾਨ ਹੋ ਜਾਂਦੇ ਹਾਂ। ਸਹੀ ਕਹਾਂ ਜਾਂ ਗਲਤ ਕਦੇ ਮੈਨੂੰ ਸਮਝ ਨਹੀਂ ਆਉਂਦਾ ਪਰ ਸੋਚਾਂ ਵਿਚਾਰਾਂ ਵਿੱਚ ਉਲਝ ਕੇ ਰਹਿ ਜਾਂਦੀ ਹਾਂ। ਚਿੱਤ ਕਰਦਾ ਹੈ ਕਿ ਕਿੱਧਰੇ ਗੁਮ ਹੋ ਜਾਵਾਂ ਆਪਣੇ ਇੰਨਾਂ ਜਜਬਾਤਾਂ ਨਾਲ।
ਖੁਸ਼ੀਆਂ ਭਰੇ ਇੰਨਾਂ ਦਿਹਾਰਾਂ ਵਿੱਚ ਪਤਾ ਨਹੀਂ ਕਿਉਂ ਮੇਰਾ ਧਿਆਨ ਉਨਾਂ ਪਰਿਵਾਰਾਂ ਵੱਲ ਚਲਾ ਜਾਂਦਾ ਹੈ ਜੋ ਇੰਨਾਂ ਖੁਸ਼ੀਆਂ ਤੋਂ ਵਾਂਝੇ ਹੋ ਜਾਂਦੇ ਹਨ। ਇਸਨੂੰ ਅਸੀਂ ਰੱਬ ਦੀ ਮਾਰ ਜਾਂ ਕੁਦਰਤੀ ਕਰੋਪੀ ਦਾ ਨਾਮ ਨਹੀਂ ਦੇ ਸਕਦੇ। ਇਹ ਸਾਡੇ ਖੁਦ ਵੱਲੋਂ ਆਪਣੇ ਪੈਰਾਂ ਤੇ ਮਾਰੀ ਕੁਲਾਹੜੀ ਵਜੋਂ ਮੈਨੂੰ ਲੱਗਦਾ ਹੈ।
ਮੈਂ ਇੱਥੇ ਗੱਲ ਕਰਾਂਗੀ ਪਿਤਾ ਦਿਵਸ ਉੱਪਰ। ਵਿਦੇਸ਼ਾਂ ਦੇ ਦੇਖੋ ਦੇਖੀ ਅਸੀਂ ਪਿਤਾ ਦਿਵਸ ਮਨਾਉਣ ਤਾਂ ਜਰੂਰ ਲੱਗ ਗਏ ਹਾਂ ਪਰ ਕਦੇ ਇਹ ਮਹਿਸੂਸ ਕੀਤਾ ਕਿ ਅੱਜ ਕੱਲ ਦੇ ਪਿਤਾ ਸੱਚ ਮੁੱਚ ਪਿਤਾ ਹੋਣ ਦੇ ਸਾਰੇ ਫਰਜ ਨਿਭਾ ਰਹੇ ਹਨ?? ਜੇਕਰ ਝਾਤ ਮਾਰਾਂ ਇੱਕ ਤਲਾਕਸ਼ੁਦਾ ਔਰਤ ਦੇ ਘਰ ਜੋ ਆਪਣੇ ਬੱਚਿਆਂ ਨਾਲ ਇੱਕਲੀ ਰਹਿੰਦੀ ਹੈ ਕਿ ਉਸਦੇ ਬੱਚੇ ਸਾਰੀ ਉਮਰ ਪਿਤਾ ਦਿਵਸ ਮਨਾਉਣਗੇ?? ਕੀ ਇੱਕ ਤਲਾਕਸ਼ੁਦਾ ਔਰਤ ਖੁਦ ਪਿਤਾ ਦਿਵਸ ਮਨਾ ਪਾਏਗੀ ਜਦਕਿ ਉਸ ਦੀ ਖੁਦ ਦੀ ਔਲਾਦ ਕੋਲ ਪਿਤਾ ਨਹੀਂ ਹੈ?? ਤਲਾਕਸ਼ੁਦਾ ਔਰਤ ਦੇ ਬੱਚੇ ਪਿਤਾ ਦਿਵਸ ਉੱਪਰ ਕੀ ਯਾਦ ਕਰਦੇ ਹੋਣਗੇ ਆਪਣੇ ਪਿਤਾ ਬਾਰੇ ਕੀ ਉਨਾਂ ਦੇ ਪਿਤਾ ਨੇ ਕਿਸ ਤਰਾਂ ਉਨਾਂ ਦੀ ਮਾਂ ਨੂੰ ਤੇ ਉਨਾਂ ਨੂੰ ਹਮੇਸ਼ਾਂ ਲਈ ਛੱਡ ਦਿੱਤਾ। ਕੀ ਇੱਕ ਤਲਾਕਸ਼ੁਦਾ ਮਰਦ ਪਿਤਾ ਦਿਵਸ ਮਣਾਉਂਦਾ ਹੋਇਆ ਸਮਾਜ ਨੂੰ ਸੋਭਦਾ ਹੋਵੇਗਾ?? ਜਦਕਿ ਉਸਨੂੰ ਜਾਨਣ ਵਾਲੇ ਹਰ ਸ਼ਖਸ ਨੂੰ ਪਤਾ ਹੋਵੇਗਾ ਕਿ ਇਸਨੇ ਖੁਦ ਆਪਣੀ ਔਲਾਦ ਨੂੰ ਆਪਣੇ ਜੀਵਨ ਵਿੱਚੋਂ ਕੱਢ ਦਿੱਤਾ ਹੈ। ਮੈਂ ਉਹ ਬੱਚੇ ਦੇਖੇ ਹਨ ਜੋ ਤਰਸਦੇ ਹਨ ਹੋਰਾਂ ਬੱਚਿਆਂ ਨੂੰ ਆਪਣੇ ਪਿਤਾ ਨਾਲ ਖੇਡਦੇ ਦੇਖ ਕੇ। ਕਹਿੰਦੇ ਹਨ ਕਾਸ਼ ਸਾਡਾ ਪਿਤਾ ਵੀ ਸਾਡੇ ਨਾਲ ਇਸ ਤਰਾਂ ਦੁਲਾਰ ਕਰਦਾ।
ਜੇਕਰ ਮੈਂ ਝਾਤ ਮਾਰਾਂ ਨਸ਼ਿਆਂ ਦੀ ਭੇਂਟ ਚੜੇ ਪਰਿਵਾਰਾਂ ਵੱਲ ਕਿ ਉਹ ਬੱਚੇ ਪਿਤਾ ਦਿਵਸ ਮਣਾਉਂਦੇ ਹੋਣਗੇ?? ਜਿੰਨਾਂ ਦੇ ਪਿਤਾ ਚਿੱਟਾ ਲਾ ਕੇ ਜਾਂ ਕਿਸੇ ਹੋਰ ਨਸ਼ੇ ਨਾਲ ਇਸ ਦੁਨੀਆਂ ਤੋਂ ਕੂਚ ਕਰ ਗਏ ਹੋਣ। ਉਹ ਬੱਚੇ ਪਿਤਾ ਦਿਵਸ ਤੇ ਕੀ ਯਾਦ ਕਰਦੇ ਹੋਣਗੇ ਕਿ ਕਿਸ ਤਰਾਂ ਉਨਾਂ ਦੇ ਪਿਤਾ ਨੇ ਆਪਣੀ ਜਿੰਦਗੀ ਨਸ਼ਿਆਂ ਵਿੱਚ ਗਾਲ ਦਿੱਤੀ। ਜਮੀਨ ਪੈਸੇ ਜੋ ਕਿ ਉਨਾਂ ਬੱਚਿਆਂ ਦੀ ਪਰਵਰਿਸ਼ ਵਿੱਚ ਸਹਾਈ ਹੋਣੇ ਸੀ ਉਹ ਉਨਾਂ ਦੇ ਪਿਤਾ ਨੇ ਨਸ਼ਿਆਂ ਵਿੱਚ ਉਜਾੜ ਦਿੱਤੇ।
ਜੇਕਰ ਝਾਤ ਮਾਰਾਂ ਉਨਾਂ ਪਰਿਵਾਰਾਂ ਵੱਲ ਜੋ ਨਸ਼ਾ ਤੱਸਕਰ ਹਨ ਕਿ ਉਨਾਂ ਦੇ ਬੱਚੇ ਪਿਤਾ ਦਿਵਸ ਮਣਾਉਂਦੇ ਹੋਣਗੇ?? ਕਿ ਉਨਾਂ ਦੇ ਪਿਤਾ ਦੇ ਨਸ਼ਾ ਵੇਚਣ ਕਰਕੇ ਕਿੰਨੇਂ ਹੀ ਬੱਚਿਆਂ ਨੇ ਆਪਣੇ ਛੋਟੇ ਛੋਟੇ ਹੱਥਾਂ ਨਾਲ ਆਪਣੇ ਪਿਉਆਂ ਦੇ ਸੰਸਕਾਰ ਕੀਤੇ ਹੋਣਗੇ ਅਤੇ ਕਿੰਨੇਂ ਪਿਉਆਂ ਦੇ ਬੱਚੇ ਉਨਾਂ ਦੇ ਹੱਥਾਂ ਵਿੱਚ ਹੀ ਲੋਥਾਂ ਬਣ ਗਏ ਹੋਣਗੇ??
ਜੇਕਰ ਝਾਤ ਮਾਰਾਂ ਉਨਾਂ ਹਾਕਮਾਂ ਅਤੇ ਉੱਨਾਂ ਕਨੂੰਨ ਦੇ ਅਫ਼ਸਰਾਂ ਦੇ ਪਰਿਵਾਰਾਂ ਵੱਲ ਜਿੰਨਾਂ ਦੀ ਸ਼ਹਿ ਸਦਕਾ ਨਸ਼ੇ ਦਾ ਵਪਾਰ ਹੁੰਦਾ ਹੈ ਅਤੇ ਜਿੰਨਾਂ ਦੀ ਬੇਪਰਵਾਹੀ ਕਰਕੇ ਨਿੱਤ ਤਲਾਕ ਹੁੰਦੇ ਹਨ ਕਿ ਉੱਨਾਂ ਦੇ ਬੱਚੇ ਪਿਤਾ ਦਿਵਸ ਮਣਾਉਂਦੇ ਹੋਣਗੇ?? ਕਿ ਸਾਡੇ ਹਾਕਮ ਅਤੇ ਅਫਸਰ ਪਿਓਆਂ ਕਰਕੇ ਪਤਾ ਹੀ ਨਹੀਂ ਕਿੰਨੇ ਕੁ ਮਾਸੂਮ ਬੱਚਿਆਂ ਦੇ ਸਿਰਾਂ ਤੇ ਪਿਉ ਦਾ ਸਾਇਆ ਹੀ ਨਹੀਂ ਰਿਹਾ।
ਸਮਝ ਨਹੀਂ ਆਉਂਦੀ ਕਿ ਪਿਤਾ ਦਿਵਸ ਇਸ ਤਰਾਂ ਦੇ ਲੋਕ ਕੀ ਸੋਚ ਕੇ ਮਣਾਂਉਂਦੇ ਹੋਣਗੇ?? ਆਪਣੀ ਔਲਾਦ ਨੂੰ ਖੁਸ਼ੀਆਂ ਦੇਣ ਲਈ ਹੋਰਾਂ ਦੀ ਔਲਾਦ ਨੂੰ ਖੁਸ਼ੀਆਂ ਤੋਂ ਵਾਂਝੇ ਕਰ ਦਿੰਦੇ ਹਨ।
ਪੱਛਮੀ ਦਿਹਾਰ ਮਨਾਉਣ ਦੇ ਚੱਕਰ ਵਿੱਚ ਅਸੀਂ ਆਪਣੀ ਹੋਂਦ ਤੋਂ ਟੁੱਟ ਚੁੱਕੇ ਹਾਂ। ਆਪਣੇ ਵਿਰਸੇ ਤੋਂ ਟੁੱਟ ਚੁੱਕੇ ਹਾਂ। ਆਪਣੇ ਸੱਭਿਆਚਾਰ ਤੋਂ ਟੁੱਟ ਚੁੱਕੇ ਹਾਂ। ਜਿੰਦਗੀ ਵਿਖਾਵਾ ਮਾਤਰ ਰਹਿ ਗਈ ਹੈ ਸਾਡੀ। ਅੱਜ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਣ ਦੀ ਲੋੜ ਹੈ। ਆਪਣੇ ਸੱਭਿਆਚਾਰ ਨਾਲ ਜੋੜਣ ਦੀ ਲੋੜ ਹੈ ਤਾਂ ਜੋ ਸਾਡੀ ਔਲਾਦ ਆਪਣੀ ਹੋਂਦ ਨੂੰ ਪਹਿਚਾਨਣ। ਤਾਂ ਜੋ ਉਹ ਆਪਣੀ ਜਿੰਦਗੀ ਵਿੱਚੋਂ ਤਲਾਕ ਅਤੇ ਨਸ਼ਾ ਸ਼ਬਦ ਕੱਢ ਕੇ ਆਪਣੀ ਆਉਣ ਵਾਲੀ ਪੀੜੀ ਨੂੰ ਪਿਤਾ ਦਿਵਸ ਮਨਾਉਣ ਲਈ ਪ੍ਰੇਰਿਤ ਨਾ ਕਰਣ ਬਲਕਿ ਖੁਦ ਆਪਣੇ ਪਿਤਾ ਵਰਗੇ ਬਨਣ ਦੀ ਸੇਧ ਦੇਣ ਤਾਂ ਜੋ ਅਸੀਂ ਆਪਣੀ ਹੋਂਦ ਨੂੰ ਜਿਉਂਦਿਆਂ ਰੱਖ ਸਕੀਏ। ਆਪਣੇ ਪੰਥ ਨੂੰ ਜਿਉਂਦਿਆਂ ਰੱਖ ਸਕੀਏ। ਆਪਣੇ ਪੰਜਾਬ ਨੂੰ ਜਿਉਂਦਿਆਂ ਰੱਖ ਸਕਿਏ। ਆਪਣੀ ਪਹਿਚਾਣ ਨੂੰ ਜਿਉਂਦਿਆਂ ਰੱਖ ਸਕੀਏ। ਪਿਤਾ ਦਿਵਸ ਮਨਾਉਣਾ ਸਾਡਾ ਸੱਭਿਆਚਾਰ ਨਹੀਂ ਹੈ ਪਰ ਪੀੜੀ ਦਰ ਪੀੜੀ ਆਪਣੀ ਸਰਦਾਰੀ ਕਾਇਮ ਕਰਣਾ ਸਾਡਾ ਵਿਰਸਾ ਹੈ। ਜੋ ਇੱਕ ਪਿਤਾ ਹੀ ਆਪਣੀ ਔਲਾਦ ਨੂੰ ਸਮਝਾਉਂਦਾ ਹੈ। ਮੁਸ਼ਕਿਲ ਹੈ ਇਹ ਸਭ ਪਰ ਬਹੁਤ ਜ਼ਰੂਰੀ ਹੈ। ਮੈਨੂੰ ਇੰਜ ਮਹਿਸੂਸ ਹੁੰਦਾ ਹੈ ਅਸੀਂ ਆਪਣੀ ਹੋਂਦ ਤੋਂ ਨਿੱਖੜੇ ਹੋਏ ਲੋਕ ਹਾਂ। ਸਾਨੂੰ ਖੁਦ ਨਾਲ ਸਵਾਲ ਜਵਾਬ ਕਰਣ ਦੀ ਲੋੜ ਹੈ ਕਿ ਅਸੀਂ ਕੀ ਖੱਟਿਆ ਆਪਣੀ ਜਿੰਦਗੀ ਵਿੱਚ ਅਤੇ ਆਪਣੀ ਅਗਲੀ ਪੀੜੀ ਨੂੰ ਕੀ ਦੇ ਕੇ ਚੱਲੇ ਹਾਂ?? ਪੱਛਮੀਕਰਣ ਤੋਂ ਪ੍ਰਭਾਵਿਤ ਅਸੀਂ ਲੋਕ ਆਪਣੇ ਬੱਚਿਆਂ ਨੂੰ ਇੱਕ ਅਧੂਰੀ ਜ਼ਿੰਦਗੀ ਦੇ ਰਹੇ ਹਾਂ ਖੁਦ ਤੋਂ ਉੱਨਾਂ ਨੂੰ ਜੁਦਾ ਕਰਕੇ। ਅਸੀਂ ਆਪਣੀ ਔਲਾਦ ਨੂੰ ਆਪਣੇ ਵਿਰਸੇ ਅਤੇ ਆਪਣੀ ਹੋਂਦ ਬਾਰੇ ਕੀ ਦੱਸਣਾ ਅਸੀਂ ਤਾਂ ਉਨਾਂ ਲਈ ਖੁਦ ਇੱਕ ਸਵਾਲ ਬਣ ਗਏ ਹਾਂ।

- ਰਸ਼ਪਿੰਦਰ ਕੌਰ ਗਿੱਲ
ਲੇਖਕ, ਐਂਕਰ, ਪ੍ਰਧਾਨ- ਪੀਂਘਾਂ ਸੋਚ ਦੀਆਂ
ਸਾਹਿਤ ਮੰਚ, ਪਬਲਿਕੇਸ਼ਨ, ਵੈੱਬ ਚੈਨਲ, ਮੈਗਜ਼ੀਨ, ਸਿੱਖੀ ਫਰਜ਼ ਸਕਾਲਰਸ਼ਿਪ
+91-9888697078